ਗੁਰਦਾਸਪੁਰ -(ਮਨਦੀਪ ਕੌਰ )- ਗੁਰਦਾਸਪੁਰ ਦੇ ਵਿੱਚ ਸਿਟੀ ਪੁਲਿਸ ਸਟੇਸ਼ਨ ਦੇ ਬਾਹਰ ਹੋਏ ਗਰਨੇਟ ਹਮਲਿਆਂ ਦੇ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਵੱਲੋਂ ਇੱਕ ਮੁਜਰਿਮ ਨੂੰ ਦਿੱਲੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਿਕ ਇਹ ਮੁਜਰਮ ਪੰਜਾਬ ਦੇ ਨਾਲ ਸੰਬੰਧਿਤ ਹੈ। ਮੁਜਰਿਮ ਹਰਗੁਨਪ੍ਰੀਤ ਸਿੰਘ ਨੂੰ ਉਸਦੇ ਦੋ ਸਾਥੀਆਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੇ ਪਾਕਿਸਤਾਨ ਦੇ ਖੁਫੀਆ ਏਜੰਸੀਆਂ ਦੇ ਨਾਲ ਸਬੰਧ ਸਨ। ਦੱਸਿਆ ਜਾ ਰਿਹਾ ਹੈ ਕਿ ਸਿਟੀ ਪੁਲਿਸ ਸਟੇਸ਼ਨ ਦੇ ਬਾਹਰ ਬੰਬ ਸੁੱਟਣ ਤੋਂ ਪਹਿਲਾਂ ਹਰਗੁਣਪ੍ਰੀਤ ਸਿੰਘ ਵੱਲੋਂ ਸਿਟੀ ਪੁਲਿਸ ਸਟੇਸ਼ਨ ਦੀ ਰੇਕੀ ਕੀਤੀ ਗਈ। ਅਤੇ ਬਾਅਦ ਦੇ ਵਿੱਚ ਹਮਲਾ ਕੀਤਾ ਗਿਆ।
ਦੱਸ ਦਈਏ ਬੀਤੇ ਦਿਨੀ ਸਿਟੀ ਪੁਲਿਸ ਸਟੇਸ਼ਨ ਦੇ ਬਾਹਰ ਬੰਬ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ ਜਿਸ ਵਿੱਚ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇਹ ਕਿਸੇ ਟਰੱਕ ਦਾ ਟਾਇਰ ਫਟਿਆ ਹੈ ਜਿਸ ਦੇ ਕੰਕਰਾਂ ਦੇ ਨਾਲ ਦੋ ਔਰਤਾਂ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਈਆਂ। ਦਰਅਸਲ ਉਹ ਟਾਇਰ ਫਟਣ ਦੀ ਆਵਾਜ਼ ਨਹੀਂ ਗਰਨੇਡ ਦੀ ਆਵਾਜ਼ ਸੀ। ਜਿਸ ਦੇ ਸ਼ਰਲਿਆ ਦੇ ਨਾਲ ਉਹ ਦੋ ਔਰਤਾਂ ਜ਼ਖਮੀ ਹੋਈਆਂ ਸਨ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ।
ਜ਼ਿਕਰ ਯੋਗ ਹੈ ਕਿ ਇਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਵੱਲੋਂ ਤਿੰਨ ਮੁਜਰਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਪੰਜਾਬ ਦੇ ਨਾਲ ਸੰਬੰਧਿਤ ਹਨ। ਪਰ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਅਜੇ ਤੱਕ ਵੀ ਕੋਈ ਅਧਿਕਾਰਿਕ ਬਿਆਨ ਨਹੀਂ ਦਿੱਤਾ ਗਿਆ ਹੈ । ਅਧਿਕਾਰਿਕ ਬਿਆਨ ਤੋਂ ਬਿਨਾਂ ਚੜਦਾ ਪੰਜਾਬ ਟੀਵੀ ਵੀ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰ ਰਿਹਾ ਕਿ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ। ਇਹ ਸਾਰੀ ਖਬਰ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ। ਪਰ ਪੁਲਿਸ ਵੱਲੋਂ ਮੁਜਰਿਮ ਦੀ ਗ੍ਰਿਫਤਾਰੀ ਦੀ ਪੁਸ਼ਟੀ ਜਰੂਰ ਕੀਤੀ ਜਾ ਰਹੀ ਹੈ ।

