ਤਰਨ ਤਾਰਨ -(ਮਨਦੀਪ ਕੌਰ)- ਤਰਨ ਤਾਰਨ ਦੇ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ 54 ਦੇ ਕੋਲ ਪੈਂਦੇ ਪਿੰਡ ਰਸੂਲਪੁਰਾ ਅੱਡੇ ਉੱਤੇ ਸ਼ਨੀਵਾਰ ਸ਼ਾਮ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੋ ਨੌਜਵਾਨਾਂ ਦੇ ਵੱਲੋਂ ਉੱਥੇ ਖੜੀ ਇੱਕ ਲੜਕੀ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ਉੱਤੇ ਪਹੁੰਚਿਆ । ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨਵਰੂਪ ਕੌਰ ਉਮਰ 23 ਸਾਲ ਪੁੱਤਰੀ ਮੰਗਲ ਸਿੰਘ ਨਿਵਾਸੀ ਪਿੰਡ ਬਨਵਾਲੀਪੁਰ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ ਤਰਨ ਤਾਰਨ ਦੇ ਵਿੱਚ ਸਥਿਤ ਇੱਕ ਸੈਲੂਨ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਅੱਜ ਸ਼ਾਮ ਜਦੋਂ ਰੋਜਾਨਾ ਦੀ ਤਰ੍ਹਾਂ ਉਹ 5.30 ਵਜੇ ਸਲੂਨ ਤੋਂ ਛੁੱਟੀ ਕਰਕੇ ਆਪਣੇ ਪਿੰਡ ਜਾਣ ਦੇ ਲਈ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਕੋਲ ਪੈਂਦੇ ਪਿੰਡ ਰਸੂਲਪੁਰਾ ਆਟੋ ਦਾ ਇੰਤਜ਼ਾਰ ਕਰ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਉੱਪਰ ਦੋ ਨੌਜਵਾਨ ਆਏ ਅਤੇ ਨਵਰੂਪ ਕੌਰ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਦੋਵੇਂ ਮੌਕੇ ਤੋਂ ਫਰਾਰ ਹੋ ਗਏ।
ਨਵਰੂਪ ਕੌਰ ਨੂੰ ਤੁਰੰਤ ਚੁੱਕ ਕੇ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਜਿੱਥੇ ਇਲਾਜ ਦੌਰਾਨ ਨਵਰੂਪ ਕੌਰ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਮੰਗਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਨੌਜਵਾਨ ਅਰਜੁਨ ਸਿੰਘ ਅਤੇ ਉਸ ਦੇ ਸਾਥੀ ਨੇ ਉਸ ਦੀ ਬੇਟੀ ਨੂੰ ਗੋਲੀ ਮਾਰੀ ਹੈ। ਜੋ ਕਿ ਉਹ ਪਹਿਲਾਂ ਵੀ ਉਸਨੂੰ ਤੰਗ ਪਰੇਸ਼ਾਨ ਕਰਦੇ ਸਨ। ਪਿਤਾ ਨੇ ਪ੍ਰਸ਼ਾਸਨ ਤੋਂ ਇਹਨਾਂ ਮੁਜਰਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਡੀਐਸਪੀ ਜਗਜੀਤ ਸਿੰਘ ਅਤੇ ਡੀਐਸਪੀ ਗੋਇੰਦਵਾਲ ਅਤੁਲ ਸੋਨੀ ਨੇ ਦੱਸਿਆ ਕਿ ਇਸ ਵਾਰਦਾਤ ਦੇ ਸਬੰਧ ਦੇ ਵਿੱਚ ਸਦਰ ਥਾਣਾ ਤਰਨ ਤਾਰਨ ਦੇ ਵਿੱਚ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

