ਅੰਮ੍ਰਿਤਸਰ -(ਮਨਦੀਪ ਕੌਰ )- ਅੰਮ੍ਰਿਤਸਰ ਦੇ ਵਿੱਚ ਪੈਂਦੇ ਇੱਕ ਪ੍ਰਾਈਵੇਟ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਦੱਸ ਦਈਏ ਸਕੂਲ ਪ੍ਰਸ਼ਾਸਨ ਨੂੰ ਇਹ ਧਮਕੀ ਈਮੇਲ ਦੇ ਜਰੀਏ ਪ੍ਰਾਪਤ ਹੋਈ ਹੈ। ਦੱਸ ਦਈਏ ਕਿ ਪੁਤਲੀ ਘਰ ਦੇ ਵਿੱਚ ਮੌਜੂਦ ਪਾਸਦ ਸੀਨੀਅਰ ਸਟਡੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਤੁਰੰਤ ਸਕੂਲ ਨੂੰ ਖਾਲੀ ਕਰਵਾਇਆ ਗਿਆ।
ਇਸ ਤੋਂ ਇਲਾਵਾ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਦੇ ਮਾਪੇ ਵੀ ਬੱਚਿਆਂ ਨੂੰ ਸਕੂਲ ਲੈਣ ਲਈ ਪਹੁੰਚ ਗਏ । ਘਟਨਾ ਦੇ ਤੁਰੰਤ ਬਾਅਦ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਮੌਕੇ ਦੀ ਗੰਭੀਰਤਾ ਨੂੰ ਦੇਖਦੀ ਹੋਈ ਤੁਰੰਤ ਸਕੂਲ ਵਿੱਚ ਪਹੁੰਚੀ।ਬੰਬ ਨਿਰੋਧਕ ਦਸਤਾ ਟੀਮ ਨੂੰ ਤੁਰੰਤ ਸੂਚਿਤ ਕੀਤਾ ਗਿਆ। ਜਿੱਥੋਂ ਟੀਮ ਵੱਲੋਂ ਸਕੂਲ ਦੇ ਹਰ ਇੱਕ ਕਮਰੇ ਦੀ ਜਾਂਚ ਕੀਤੀ ਜਾ ਰਹੀ ਹੈ।
ਈਮੇਲ ਨੂੰ ਸਾਈਬਰ ਸੈਲ ਭੇਜ ਦਿੱਤਾ ਗਿਆ ਹੈ ਤਾਂ ਜੋ ਪਤਾ ਚੱਲ ਸਕੇ ਕਿ ਇਹ ਈਮੇਲ ਕਿਸ ਦੁਆਰਾ ਭੇਜੀ ਗਈ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਇਹ ਸ਼ੱਕੀ ਭਰੀ ਈਮੇਲ ਲੱਗ ਰਹੀ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਮਿਲੀਆਂ ਈਮੇਲ ਉੱਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਈਮੇਲ ਫੇਕ ਹੋ ਸਕਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਾਇਦ ਕਿਸੇ ਸ਼ਰਾਰਤੀ ਅੰਸਰਾਂ ਵੱਲੋਂ ਇਹ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਈਮੇਲ ਭੇਜੀ ਗਈ ਹੋਵੇ । ਪਰ ਪੁਲਿਸ ਇਹਨਾਂ ਸਾਰੇ ਸਬੂਤਾਂ ਨੂੰ ਲੈ ਕੇ ਚੰਗੀ ਤਰ੍ਹਾਂ ਜਾਂਚ ਕਰ ਰਹੀ ਹੈ। ਅਤੇ ਸਾਰੇ ਡਿਜੀਟਲ ਸਬੂਤ ਖੰਗਾਲ ਰਹੀ ਹੈ।

