ਜਲੰਧਰ -(ਮਨਦੀਪ ਕੌਰ )- ਜਲੰਧਰ ਤੋਂ ਫਿਰ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਪਿਛਲੇ ਕੁਝ ਦਿਨਾਂ ਤੋਂ ਜਲੰਧਰ ਵੈਸਟ ਦੇ ਵਿੱਚ ਹੋਏ 13 ਸਾਲਾਂ ਮਾਸੂਮ ਦੇ ਰੇਪ ਅਤੇ ਕਤਲ ਮਾਮਲੇ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ। ਅਜਿਹਾ ਹੀ ਇੱਕ ਮਾਮਲਾ ਕਿਸ਼ਨਗੜ੍ਹ ਚੌਂਕੀ ਦੇ ਅਧੀਨ ਆਉਂਦੇ ਖੇਤਰ ਵਿੱਚੋਂ ਸਾਹਮਣੇ ਆਇਆ ਹੈ। ਇੱਥੇ ਇੱਕ ਸੀਨੀਅਰ ਸੈਕੰਡਰੀ ਸਕੂਲ ਦੇ ਡੀਪੀ ਮਾਸਟਰ ਦੇ ਵੱਲੋਂ 16 ਸਾਲ ਦੀ ਨਾਬਾਲਿਕਾ ਜੋ ਕਿ ਦਸਵੀਂ ਕਲਾਸ ਦੀ ਵਿਦਿਆਰਥਨ ਹੈ ਉਸ ਨਾਲ ਗਲਤ ਹਰਕਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਦੇ ਮੁਤਾਬਕ ਬੱਚੀ ਨੇ ਬਹੁਤ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਇਹ ਸਾਰੀ ਘਟਨਾ ਬੱਚੀ ਵੱਲੋਂ ਆਪਣੇ ਸਕੂਲ ਦੀ ਪ੍ਰਿੰਸੀਪਲ ਅਤੇ ਆਪਣੇ ਪਰਿਵਾਰ ਨੂੰ ਦੱਸੀ ਗਈ ਜਿਸ ਉਪਰੰਤ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਥਾਣਾ ਕਿਸ਼ਨਗੜ੍ਹ ਦੇ ਵਿੱਚ ਸ਼ਿਕਾਇਤ ਦਰਜ ਕੀਤੀ ਗਈ।
ਸ਼ਿਕਾਇਤ ਵਿੱਚ ਪੀੜਤਾਂ ਨੇ ਦੱਸਿਆ ਕਿ ਜਦੋਂ ਉਹ ਸਕੂਲ ਵਿੱਚ ਆਪਣੇ ਕਿਸੇ ਟੀਚਰ ਨੂੰ ਮਿਲਣ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਡੀਪੀ ਮਾਸਟਰ ਰਜਿੰਦਰ ਕੁਮਾਰ ਪੁੱਤਰ ਬਲਬੀਰ ਕੁਮਾਰ ਨਿਵਾਸੀ ਬਿਆਸ ਉਸ ਨੂੰ ਮਿਲ ਗਏ। ਪੀੜਿਤਾਂ ਨੇ ਅੱਗੇ ਦੱਸਿਆ ਕਿ ਡੀਪੀ ਮਾਸਟਰ ਉਸਨੂੰ ਬਿਊਟੀ ਲੈਬ ਦੇ ਨਜ਼ਦੀਕ ਲੈ ਗਏ। ਲੜਕੀ ਨੇ ਕਿਹਾ ਕਿ ਉਸਨੂੰ ਲੱਗਾ ਸ਼ਾਇਦ ਡੀਪੀ ਮਾਸਟਰ ਉਸਦੇ ਨਾਲ ਕੋਈ ਗੱਲ ਕਰਨਾ ਚਾਹੁੰਦੇ ਹਨ। ਪਰ ਜਦੋਂ ਡੀਪੀ ਮਾਸਟਰ ਵੱਲੋਂ ਉਸਨੂੰ ਅੰਦਰ ਬੁਲਾ ਕੇ ਦਰਵਾਜ਼ਾ ਬੰਦ ਕਰਨ ਲਈ ਕਿਹਾ ਗਿਆ ਤਾਂ ਡੀਪੀ ਮਾਸਟਰ ਨੇ ਤੁਰੰਤ ਉਸਨੂੰ ਪਿੱਛੋਂ ਫੜ ਲਿਆ ਅਤੇ ਉਹਨੂੰ ਗੰਦੀ ਤਰ੍ਹਾ ਟਚ ਕਰਨ ਲੱਗਾ। ਬੱਚੀ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਡੀਪੀ ਮਾਸਟਰ ਦੀ ਚੁੰਗਲ ਦੇ ਵਿੱਚੋਂ ਛੁਡਵਾਇਆ ਅਤੇ ਬਾਹਰ ਆ ਕੇ ਉੱਚੀ ਉੱਚੀ ਰੋਣ ਲੱਗੀ।
ਇਸ ਤੋਂ ਬਾਅਦ ਉਸਨੇ ਇਹ ਸਾਰੀ ਗੱਲ ਆਪਣੀ ਸਕੂਲ ਦੀ ਪ੍ਰਿੰਸੀਪਲ ਮੈਡਮ ਨਾਲ ਸਾਂਝੀ ਕੀਤੀ। ਇਸ ਗੱਲ ਨੂੰ ਸੁਣਦਿਆਂ ਹੀ ਸਕੂਲ ਦੀ ਪ੍ਰਿੰਸੀਪਲ ਸੁਮਨ ਸ਼ਰਮਾ ਨੇ ਆਪਣੀ ਅਧਿਆਪਕਾ ਜਸਵਿੰਦਰ ਕੌਰ ਅਤੇ ਅਰਸ਼ੀ ਪਾਲ ਸਿੰਘ ਦੀ ਮੌਜੂਦਗੀ ਦੇ ਵਿੱਚ ਡੀਪੀ ਮਾਸਟਰ ਰਜਿੰਦਰ ਕੁਮਾਰ ਨੂੰ ਬੁਲਾਇਆ ਅਤੇ ਉਸ ਨੂੰ ਖੂਬ ਡਾਂਟਿਆ। ਜਿਸ ਤੋਂ ਬਾਅਦ ਰਜਿੰਦਰ ਕੁਮਾਰ ਵੱਲੋਂ ਆਪਣੀ ਗਲਤੀ ਵੀ ਕਬੂਲੀ ਗਈ।
ਛੁੱਟੀ ਹੋਣ ਤੋਂ ਬਾਅਦ ਜਦੋਂ ਨਾਬਾਲਿਕ ਘਰ ਪਹੁੰਚੀ ਤਾਂ ਉਹ ਡਰ ਰਹੀ ਸੀ ਫਿਰ ਵੀ ਉਸਨੇ ਡਰਦੇ ਡਰਦੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਜਦੋਂ ਇਹ ਗੱਲ ਪੂਰੇ ਪਰਿਵਾਰ ਵਿੱਚ ਪਤਾ ਲੱਗੀ ਤਾਂ ਪਰਿਵਾਰ ਵਾਲਿਆਂ ਦੇ ਵਿੱਚ ਬਹੁਤ ਗੁੱਸਾ ਭਰ ਗਿਆ। ਜਿਸ ਉਪਰੰਤ ਉਹਨਾ ਨੇ ਕਿਸ਼ਨਗੜ ਥਾਣੇ ਦੇ ਵਿੱਚ ਡੀਪੀ ਮਾਸਟਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ।
ਇਸ ਤੋਂ ਬਾਅਦ ਜਦੋਂ ਚੌਂਕੀ ਇੰਚਾਰਜ ਰਮਨਦੀਪ ਸਿੰਘ ਅਤੇ ਕਿਸ਼ਨਗੜ੍ਹ ਚੌਂਕੀ ਇੰਚਾਰਜ ਨਰਿੰਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਤੇ ਦੋਸ਼ੀ ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਦੋਸ਼ੀ ਦਾ 14 ਦਿਨ ਦੇ ਜ਼ੁਡੀਸ਼ੀਅਲ ਰਿਮਾਂਡ ਤੇ ਜੇਲ ਭੇਜ ਦਿੱਤਾ ਗਿਆ ਹੈ।

