ਅੰਮ੍ਰਿਤਸਰ -(ਮਨਦੀਪ ਕੌਰ )- ਅੰਮ੍ਰਿਤਸਰ ਦੇ ਗੁਰੂ ਕੇ ਜੰਡਿਆਲਾ ਦੇ ਵਿੱਚੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਸਟੋਰ ਉੱਪਰ ਦੋ ਨੌਜਵਾਨਾਂ ਵੱਲੋਂ ਧੂਆ ਧਾਰ ਫਾਇਰਿੰਗ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀਬਾਰੀ ਦੇ ਵਿੱਚ ਇੱਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਦੇ ਦੋ ਗੋਲੀਆਂ ਲੱਗੀਆਂ ਹਨ। ਪੀੜੀਤ ਦੀ ਪਹਿਚਾਨ ਸਾਹਿਲ ਉਰਫ ਪੰਮਾ ਦੇ ਰੂਪ ਵਿੱਚ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸਾਹਿਲ ਨੂੰ ਦੋ ਗੋਲੀਆਂ ਲੱਗੀਆਂ ਹਨ। ਜਿਸ ਦੇ ਵਿੱਚੋਂ ਇੱਕ ਮੋਢੇ ਤੇ ਅਤੇ ਇੱਕ ਕਮਰ ਵਿੱਚ ਲੱਗੀ ਹੈ। ਹਮਲਾਵਰ ਮੌਕੇ ਉੱਤੋਂ ਫਰਾਰ ਹੋ ਗਏ ਅਤੇ ਜਖਮੀ ਸਾਹਿਲ ਨੂੰ ਤੁਰੰਤ ਹਸਪਤਾਲ ਦੇ ਵਿੱਚ ਜੇਰੇ ਇਲਾਜ ਲਈ ਲਜਾਇਆ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਚਸ਼ਮਦੀਦ ਦਾ ਕਹਿਣਾ ਹੈ ਕਿ ਦੋ ਨੌਜਵਾਨ ਸਪਲੈਂਡਰ ਮੋਟਰਸਾਈਕਲ ਉੱਤੇ ਆਏ ਅਤੇ ਆ ਕੇ ਉਹਨਾਂ ਨੇ ਮੈਡੀਕਲ ਸਟੋਰ ਉੱਤੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਉੱਥੇ ਹੀ ਮੈਡੀਕਲ ਸਟੋਰ ਦੇ ਮਾਲਕ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਸਾਹਿਲ ਉਹਨਾਂ ਦੇ ਕੋਲ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ ਅਤੇ ਉਸਦੀ ਕਿਸੇ ਦੇ ਨਾਲ ਵੀ ਨਿੱਜੀ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਉਹਨਾਂ ਨੂੰ ਕਿਸੀ ਤਰ੍ਹਾ ਦੀ ਫਿਰੋਤੀ ਲਈ ਕੋਈ ਫੋਨ ਆਇਆ ਸੀ। ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਮੈਡੀਕਲ ਸਟੋਰ ਦੇ ਪਿੱਛੇ ਮੈਡੀਸਨ ਕੱਢ ਰਿਹਾ ਸੀ ਅਤੇ ਇੰਨੀ ਦੇਰ ਨੂੰ ਹੀ ਬਾਹਰ ਦੇ ਵਿੱਚ ਪਟਾਕੇ ਚੱਲਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਜਦੋਂ ਉਸਨੇ ਬਾਹਰ ਆ ਕੇ ਦੇਖਿਆ ਤਾਂ ਉਸਨੂੰ ਪਤਾ ਲੱਗਾ ਇਹ ਪਟਾਕੇ ਨਹੀਂ ਗੋਲੀਆਂ ਚੱਲੀਆਂ ਹਨ ਅਤੇ ਸਾਹਿਲ ਦੇ ਗੋਲੀਆਂ ਲੱਗੀਆਂ ਹਨ। ਸਾਹਿਲ ਜਮੀਨ ਉੱਤੇ ਡਿੱਗਿਆ ਹੋਇਆ ਸੀ ਜਿਸ ਨੂੰ ਚੁੱਕ ਕੇ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ।
ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਇੱਕ ਮੋਨਾ ਨੌਜਵਾਨ ਮੁੰਡਾ ਹਰੇ ਰੰਗ ਦੀ ਟੀ-ਸ਼ਰਟ ਪਹਿਨੇ ਹੋਏ ਹੱਥ ਚ ਪਿਸਤੋਲ ਫੜੇ ਹੋਏ ਸੀ। ਉਹ ਗੋਲੀ ਚਲਾ ਰਹੀ ਸੀ ਅਤੇ ਜਦੋਂ ਉਹ ਬਾਹਰ ਆਇਆ ਤਾਂ ਦੋਨੋਂ ਨੌਜਵਾਨ ਭੱਜ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾਵਰਾਂ ਨੇ ਆਪਣਾ ਮੂੰਹ ਤੱਕ ਨਹੀਂ ਸੀ ਢਕਿਆ।
ਮਾਮਲੇ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਖੰਗਾਲ ਰਹੀ ਹੈ। ਤਾਂ ਜੋ ਦੋਸ਼ੀਆਂ ਦਾ ਪਤਾ ਲੱਗ ਸਕੇ।

