ਅੰਮ੍ਰਿਤਸਰ -(ਮਨਦੀਪ ਕੌਰ )- ਅੰਮ੍ਰਿਤਸਰ ਥਾਣਾ B ਡਵਿਜ਼ਨ ਅਧੀਨ ਆਉਂਦੇ ਇੱਕ ਇਲਾਕੇ ਵਿੱਚ ਪੁਲਿਸ ਵੱਲੋਂ ਰਾਤ ਸਮੇਂ ਇੱਕ ਹੋਟਲ ‘ਚ ਮਾਰੀ ਗਈ ਰੇਡ ਦੌਰਾਨ ਜਿਸਮ ਫਰੋਸ਼ੀ ਦਾ ਧੰਦਾ ਬੇਨਕਾਬ ਹੋਇਆ ਹੈ। ਇਸ ਦੌਰਾਨ ਪੁਲਿਸ ਨੇ 06 ਲੜਕੀਆਂ ਤੇ 13 ਲੜਕਿਆਂ ਨੂੰ ਕਾਬੂ ਕਰਕੇ ਹਿਰਾਸਤ ਵਿੱਚ ਲੈ ਲਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੇ ਲੋਕ ਹੋਟਲ ਦੇ ਕਮਰਿਆਂ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਕਰ ਰਹੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਕਾਰਵਾਈ ਤੁਰੰਤ ਕੀਤੀ ਗਈ। ਇੱਕ ਵਿਸ਼ੇਸ਼ ਟੀਮ ਤਿਆਰ ਕਰਕੇ ਹੋਟਲ ‘ਚ ਦਾਖਲ ਹੋਏ ਪੁਲਿਸ ਅਧਿਕਾਰੀਆਂ ਨੇ ਕਈ ਜੋੜਿਆਂ ਨੂੰ ਸ਼ਰਮਨਾਕ ਹਾਲਤ ਵਿੱਚ ਪਾਇਆ।
ਇਸ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਸਾਰੇ ਆਰੋਪੀਆਂ ਨੂੰ ਪੁਲਿਸ ਨੇ ਦੇਰ ਰਾਤ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ। ਦਿਲਚਸਪ ਗੱਲ ਇਹ ਰਹੀ ਕਿ ਪੁਲਿਸ ਨੇ ਗ੍ਰਿਫਤਾਰ ਲੜਕੀਆਂ ਨੂੰ ਅਦਾਲਤ ਤੱਕ ਪਹੁੰਚਾਉਣ ਲਈ ਇੱਕ ਆਟੋ ਦੀ ਵਰਤੋਂ ਕੀਤੀ, ਜਿਸ ਨਾਲ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜੇ ਹੋ ਗਏ। ਕਿਉਂਕਿ ਆਟੋ ਰਾਹੀਂ ਲੈ ਜਾਣ ਦੌਰਾਨ ਕਿਸੇ ਦੇ ਭੱਜ ਜਾਣ ਦਾ ਖਤਰਾ ਵੀ ਮੌਜੂਦ ਸੀ। ਪੁਲਿਸ ਵੱਲੋਂ ਦੱਸਿਆ ਗਿਆ ਕਿ ਸਾਰੇ ਗ੍ਰਿਫਤਾਰਸ਼ੁਦਾ ਵਿਅਕਤੀਆਂ ਦੀ ਪੁੱਛਗਿੱਛ ਜਾਰੀ ਹੈ ਅਤੇ ਜਾਂਚ ਦੌਰਾਨ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਗਿਰੋਹ ਦੇ ਪਿੱਛੇ ਕੌਣ ਵੱਡੇ ਸਿਰਗਣ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹੋਟਲ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਉਸਨੂੰ ਇਸ ਗਲਤ ਗਤੀਵਿਧੀ ਦੀ ਜਾਣਕਾਰੀ ਸੀ ਜਾਂ ਨਹੀਂ।

