ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚ ਇੱਕ 22 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਆਤਮ ਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 22 ਸਾਲਾਂ ਨੌਜਵਾਨ ਨੇ ਪੱਖੇ ਦੇ ਨਾਲ ਲਟਕ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਹਿਚਾਨ ਕਰਨ ਉਮਰ 22 ਸਾਲ ਨਿਵਾਸੀ ਭਾਰਗੋ ਕੈਂਪ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਆਪਣੇ ਮਾਂ ਪਿਓ ਦੀ ਮੌਤ ਤੋਂ ਬਾਅਦ ਉਹ ਆਪਣੀ ਦਾਦੀ ਦੇ ਨਾਲ ਭਾਰਗੋ ਕੈਂਪ ਵਿੱਚ ਰਹਿੰਦਾ ਸੀ।
ਜਾਣਕਾਰੀ ਦੇ ਮੁਤਾਬਿਕ ਸੋਮਵਾਰ ਰਾਤ ਨੂੰ ਜਦੋਂ ਕਰਨ ਦੀ ਦਾਦੀ ਕਰਨ ਨੂੰ ਰੋਟੀ ਦੇਣ ਉਸ ਦੇ ਕਮਰੇ ਦੇ ਵਿੱਚ ਗਈ ਤਾਂ ਉਸ ਦਾ ਕਮਰਾ ਅੰਦਰੋਂ ਬੰਦ ਸੀ ਅਤੇ ਬਹੁਤ ਦੇਰ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀ ਜਦੋਂ ਉਸਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਦਾਦੀ ਵੱਲੋਂ ਕਰਨ ਦੇ ਚਾਚੇ ਨੂੰ ਬੁਲਾਇਆ ਗਿਆ। ਜਦੋਂ ਕਰਨ ਦੇ ਚਾਚੇ ਵੱਲੋਂ ਘਰ ਦਾ ਦਰਵਾਜਾ ਤੋੜਿਆ ਗਿਆ ਤਾਂ ਦੇਖਿਆ ਕਿ ਕਰਨ ਦਾ ਸਰੀਰ ਪੱਖੇ ਦੇ ਨਾਲ ਲਟਕ ਰਿਹਾ ਹੈ। ਜਿਸ ਦੇ ਤੁਰੰਤ ਬਾਅਦ ਭਾਰਗੋ ਕੈਂਪ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਬਾਡੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੌਕੇ ਉੱਤੋਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਮੌਤ ਦੇ ਅਸਲੀ ਕਾਰਨਾਂ ਦਾ ਪਤਾ ਨਾ ਲੱਗਣ ਦੇ ਕਾਰਨ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਉਧਾਰ ਉੱਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

