ਸੌਤੇਲੇ ਬਾਪ ਵੱਲੋਂ 15 ਸਾਲ ਦੀ ਨਾਬਾਲਗ ਧੀ ਨਾਲ ਵਾਰ-ਵਾਰ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਦੋਸ਼ੀ ਵਿਅਕਤੀ ਨੂੰ 20 ਸਾਲ ਦੀ ਕੈਦ ਅਤੇ 2 ਲੱਖ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਇਸ ਸਬੰਧੀ ਮਈ 2020 ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ। ਪੀੜਤਾ ਅੱਠਵੀ ਸ਼੍ਰੇਣੀ ਦੀ ਬੱਚੀ ਨੇ ਖੁਦ ਹੀ ਪੁਲਸ ਨੂੰ 112 ‘ਤੇ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ। ਪੀੜਤਾ ਨੇ ਦੱਸਿਆ ਕਿ ਉਸਦੀ ਮਾਤਾ ਦਾ ਵਿਆਹ ਪਹਿਲਾਂ ਪਟਿਆਲੇ ਜ਼ਿਲ੍ਹੇ ਵਿਚ ਹੋਇਆ ਸੀ ਅਤੇ ਉਹ ਆਪਣੀ ਮਾਤਾ ਦੀ ਇਕਲੌਤੀ ਧੀ ਹੈ। ਉਹ ਕਰੀਬ 3 ਸਾਲ ਦੀ ਜਦ ਉਸਦੀ ਮਾਤਾ ਨੇ ਉਸਦੇ ਪਿਤਾ ਨੂੰ ਛੱਡ ਦਿੱਤਾ ਸੀ। ਹੁਣ ਉਸਦੀ ਮਾਤਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇਸ ਵਿਅਕਤੀ ਨਾਲ ਬੀਤੇ 2 ਸਾਲ ਤੋਂ ਰਹਿ ਰਹੀ ਸੀ।
ਪੀੜਤਾ ਅਨੁਸਾਰ ਇਹ ਉਸਦਾ ਮਤਰੇਆ ਬਾਪ ਜਿਸਦੀ ਉਮਰ ਕਰੀਬ 32 ਸਾਲ ਉਸ ਨਾਲ ਬੀਤੇ ਕਰੀਬ 7-8 ਮਹੀਨਿਆਂ ਤੋਂ ਜਬਰ-ਜ਼ਿਨਾਹ ਕਰ ਰਿਹਾ ਸੀ ਅਤੇ ਉਸ ਨੂੰ ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਪੀੜਤਾਂ ਅਨੁਸਾਰ ਉਹ ਇਹ ਪੀੜਾ ਕਾਫ਼ੀ ਸਮੇਂ ਤੋਂ ਸਹਿ ਰਹੀ ਹੈ ਅਤੇ ਹੁਣ ਹੋਰ ਨਹੀਂ ਸਹਿ ਸਕਦੀ ਜਿਸ ਕਾਰਨ ਉਸਨੇ 112 ‘ਤੇ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ। ਇਸ ਮਾਮਲੇ ਵਿਚ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਪੀੜਤਾ ਦੇ ਮਤਰੇਏ ਬਾਪ ‘ਤੇ ਆਈ. ਪੀ. ਸੀ. ਦੀ ਧਾਰਾ 376, 506 ਅਤੇ ਪੋਕਸੋ ਐਕਟ 6 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਤੁਰੰਤ ਕਾਬੂ ਕੀਤਾ। ਇਸ ਸਬੰਧੀ ਮਾਣਯੋਗ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿਚ ਚੱਲ ਰਹੇ ਕੇਸ ‘ਚ ਅੱਜ ਸਰਕਾਰੀ ਵਕੀਲ ਆਰ. ਐੱਸ. ਜੋਸਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਦੋਸ਼ੀ ਨੂੰ ਸਜ਼ਾ ਦਾ ਐਲਾਨ ਕੀਤਾ।