ਤਰਨ ਤਾਰਨ -(ਮਨਦੀਪ ਕੌਰ )- ਵਿਕਲਾਂਗ ਵਿਅਕਤੀ ਨੂੰ ਕੁੱਟਮਾਰ ਤੋਂ ਛਡਾਉਣਾ ਇੱਕ ਵਾਹਨ ਚਾਲਕ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਹਮਲਾਵਰਾਂ ਵੱਲੋਂ ਉਸ ‘ਤੇ ਪੈਟਰੋਲ ਛਿੜਕ ਕੇ ਉਸਨੂੰ ਅੱਗ ਲਗਾ ਦਿੱਤੀ ਗਈ। ਜ਼ਖਮੀ ਹਾਲਤ ਵਿੱਚ ਵਿਅਕਤੀ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ। ਜਿੱਥੇ ਉਸਦਾ ਇਲਾਜ ਜਾਰੀ ਹੈ। ਫਿਲਹਾਲ ਇਸ ਮਾਮਲੇ ਸੰਬੰਧੀ ਥਾਣਾ ਸਿਟੀ ਤਰਨ ਤਾਰਨ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਨਜੀਤ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਵਾਰਸ ਵਾਲਾ ਜੱਟਾ ਜ਼ਿਲ੍ਹਾ ਫਿਰੋਜ਼ਪੁਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਰਾਜੀਵ ਟੂਰ ਐਂਡ ਟ੍ਰੈਵਲਜ ਮੱਖੂ ਫਰਮ ”ਚ ਬਤੌਰ ਡਰਾਈਵਰ ਦੀ ਨੌਕਰੀ ਕਰਦਾ ਹੈ।ਸਾਡੀ ਇਸ ਫਰਮ ਦਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨਾਲ ਕੰਟ੍ਰੈਕਟ ਹੋਣ ਕਰਕੇ ਸਾਡੀ ਫਰਮ ਦੀਆਂ ਗੱਡੀਆਂ ਬਿਜਲੀ ਬੋਰਡ ਦੇ ਕੰਮਾਂ ਲਈ ਵਰਤੀਆਂ ਜਾਂਦੀਆਂ ਹਨ। ਬੀਤੀ ਮਿਤੀ 11 ਸਤੰਬਰ ਨੂੰ ਜਦੋਂ ਮੈਂ ਸਮੇਤ ਸੰਦੀਪ ਸਿੰਘ ਜੇ.ਈ ਪੁੱਤਰ ਪ੍ਰੀਤਮ ਸਿੰਘ ਵਾਸੀ ਸਰਾਵਾਂ ਜ਼ਿਲ੍ਹਾ ਫਰੀਦਕੋਟ ਫਰਮ ਦੀ ਗੱਡੀ ‘ਤੇ ਮਸਤੇਵਾਲਾ ਗਰਿੱਡ ਮੱਖੂ ਤੋਂ ਬਿਜਲੀ ਦਾ ਸਾਮਾਨ ਲੈ ਕੇ ਬਾਲੇਚੱਕ ਪਾਵਰ ਗਰਿੱਡ ਤਰਨ ਤਾਰਨ ਆ ਰਹੇ ਸੀ ਤਾਂ ਅਸੀਂ ਆਪਣਾ ਕੋਈ ਨਿੱਜੀ ਸਾਮਾਨ ਲੈਣ ਲਈ ਉਥੇ ਰੁੱਕ ਗਏ ਤਾਂ ਕੁੱਝ ਅਣਪਛਾਤੇ ਵਿਅਕਤੀ ਆਪਸ ਵਿੱਚ ਲੜਾਈ ਝਗੜਾ ਕਰ ਰਹੇ ਸੀ ਤੇ ਇੱਕ ਅਪਾਹਿਜ ਵਿਅਕਤੀ ਨੂੰ ਗਾਲੀ ਗਲੋਚ ਕਰ ਰਹੇ ਸੀ।
ਜਿਨ੍ਹਾਂ ਨੂੰ ਮੈਂ ਕਿਹਾ ਕਿ ਤੁਸੀਂ ਇਸ ਨੂੰ ਗਾਲੀ ਗਲੋਚ ਕਿਉਂ ਕਰ ਰਹੇ ਹੋ ਤਾਂ ਇੱਕ ਵਿਅਕਤੀ ਸਾਡੇ ਨਾਲ ਤੂੰ-ਤੂੰ ਮੈਂ-ਮੈਂ ਕਰਨ ਲੱਗ ਪਿਆ ਤੇ ਕਹਿਣ ਲੱਗਾ ਕਿ ਤੁਸੀਂ ਕੌਣ ਹੁੰਦੇ ਹੋ, ਸਾਨੂੰ ਹਟਾਉਣ ਵਾਲੇ, ਅਸੀਂ ਜੋ ਮਰਜ਼ੀ ਕਰੀਏ। ਜਦੋਂ ਮੈਂ ਗੱਡੀ ‘ਚ ਬੈਠਣ ਹੀ ਲੱਗਾ ਸੀ ਤਾਂ ਵਕਤ 12:00 ਵਜੇ ਕਰੀਬ ਦੁਪਹਿਰ ਦਾ ਹੋਵੇਗਾ ਕਿ ਇੱਕ ਵਿਅਕਤੀ ਨੇ ਅਚਾਨਕ ਪੈਟਰੋਲ ਵਾਲੀ ਬੋਤਲ ਲਿਆ ਕੇ ਮੇਰੇ ਤੇ ਛਿੜਕ ਦਿੱਤਾ। ਜਿਸਨੇ ਮਾਰ ਦੇਣ ਦੀ ਨੀਅਤ ਨਾਲ ਮੈਨੂੰ ਅੱਗ ਲਗਾ ਦਿੱਤੀ।ਜਿਸ ਨਾਲ ਮੇਰੀ ਸੱਜੀ ਬਾਂਹ ਤੇ ਸੱਜੇ ਮੋਢੇ ਦਾ ਪਿਛਲਾ ਹਿੱਸਾ ਸੜ ਗਿਆ। ਮੈਂ ਦਰਦ ਨਾਲ ਕੁਰਲਾ ਉੱਠਿਆ ਮੈਨੂੰ ਮਾਰ ਦਿੱਤਾ- ਮਾਰ ਦਿੱਤਾ ਦਾ ਰੌਲਾ ਪਾਇਆ ਤਾਂ ਉਹ ਅਣਪਛਾਤੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਮੈਨੂੰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਦਾਖਲ ਕਰਵਾ ਦਿੱਤਾ। ਅਸੀਂ ਹੁਣ ਤੱਕ ਆਪਣੇ ਤੌਰ ‘ਤੇ ਅੱਗ ਲਗਾਉਣ ਵਾਲੇ ਵਿਅਕਤੀ ਦੀ ਭਾਲ ਕਰਦੇ ਰਹੇ ਹਾਂ ਪਰ ਉਸ ਦੀ ਭਾਲ ਨਹੀਂ ਹੋ ਸਕੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨ ਤਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਦੇ ਹੋਏ ਕੈਮਰਿਆਂ ਰਾਹੀਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।