ਸਮਰਾਲਾ -(ਮਨਦੀਪ ਕੌਰ )- ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਸਖਤ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਸਮਰਾਲਾ ਪੁਲਿਸ ਵੱਲੋਂ ਨਸ਼ੇ ਦੀ ਸਪਲਾਈ ਕਰਨ ਜਾ ਰਹੀਆਂ ਦੋ ਸਹੇਲੀਆਂ ਨੂੰ ਗ੍ਰਿਫਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ । ਜਾਣਕਾਰੀ ਦਿੰਦੇ ਹੋਏ ਐਸਐਚ ਓ ਸਮਰਾਲਾ ਪਵਿੱਤਰ ਸਿੰਘ ਨੇ ਦੱਸਿਆ ਕਿ ਸਮਰਾਲਾ ਪੁਲਿਸ ਐਸਐਸਪੀ ਡਾਕਟਰ ਜੋਤੀ ਯਾਦਵ, ਅਤੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਨਿਤੀਸ਼ ਚੌਧਰੀ ਨੇ ਦੱਸਿਆ ਕਿ ਪੁਲਿਸ ਪਾਰਟੀ ਹੈਂਡੋ ਚੌਂਕੀ ਦੇ ਸਾਹਮਣੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਲੁਧਿਆਣਾ ਵੱਲ ਆ ਰਹੀ ਬੱਸ ਦੇ ਵਿੱਚੋਂ ਦੋ ਕੁੜੀਆਂ ਉਤਰੀਆਂ ਅਤੇ ਤੇਜੀਬ ਨਾਲ ਤੁਰਨ ਲੱਗੀਆਂ। ਸ਼ੱਕ ਪੈਣ ਤੇ ਉਹਨਾਂ ਦੋਨਾਂ ਨੂੰ ਰੋਕਿਆ ਗਿਆ ਅਤੇ ਲੇਡੀ ਪੁਲਿਸ ਦੀ ਮਦਦ ਦੇ ਨਾਲ ਦੋਹਾਂ ਦੀ ਤਲਾਸ਼ੀ ਲਈ ਗਈ। ਤਾਂ ਉਹਨਾਂ ਦੇ ਕੋਲੋਂ 60 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ। ਆਰੋਪੀਆਂ ਦੀ ਪਹਿਚਾਨ ਇਕਬਾਲ ਕੌਰ ਉਮਰ 20 ਸਾਲ ਨਿਵਾਸੀ ਹਾਕਮ ਸਿੰਘ ਵਾਲਾ ਜਿਲਾ ਬਠਿੰਡਾ ਦੇ ਰੂਪ ਦੇ ਵਿੱਚ ਹੋਈ। ਜੋ ਇਸ ਸਮੇਂ ਬਲੋਂਗੀ ਮੁਹਾਲੀ ਦੇ ਵਿੱਚ ਰਹਿੰਦੀ ਹੈ। ਅਮਰਪ੍ਰੀਤ ਕੌਰ ਬਰਨਾਲਾ ਜੋ ਇਸ ਸਮੇਂ ਲਾਂਡਰਾਂ ਮੁਹਾਲੀ ਦੇ ਵਿੱਚ ਰਹਿੰਦੀ ਹੈ।
ਐਸਐਚ ਓ ਪਵਿੱਤਰ ਸਿੰਘ ਸਮਰਾਲਾ ਨੇ ਦੱਸਿਆ ਕਿ ਇਹ ਦੋਵੇਂ ਕੁੜੀਆਂ ਸਹੇਲੀਆਂ ਹਨ ਅਤੇ ਦੋਨੇ ਹੀ ਵਿਆਹੀਆਂ ਹੋਈਆਂ ਹਨ। ਅਤੇ ਇਹਨਾਂ ਦੋਹਾਂ ਦਾ ਤਲਾਕ ਹੋ ਚੁੱਕਾ ਹੈ। ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਾ ਹੈ ਕਿ ਇਹ ਦੋਵੇਂ ਫਿਰੋਜ਼ਪੁਰ ਤੋਂ ਚੰਡੀਗੜ੍ਹ ਨਸ਼ੇ ਦੀ ਸਪਲਾਈ ਕਰਨ ਜਾ ਰਹੀਆਂ ਸਨ। ਅਤੇ ਦੋਵੇਂ ਹੀ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਇਸ ਕੰਮ ਦੇ ਵਿੱਚ ਸ਼ਾਮਿਲ ਹੋਈਆਂ ਹਨ। ਉਹਨਾਂ ਕਿਹਾ ਕਿ ਇਹਨਾਂ ਦੋਨਾਂ ਸਹੇਲੀਆਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਲਿਆ ਗਿਆ ਹੈ। ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।