ਜਲੰਧਰ-(ਮਨਦੀਪ ਕੌਰ )- ਨੂਰ ਮਹਿਲ ਦੇ ਪਿੰਡ ਉੱਪਲ ਖਾਲਸਾ ਅਤੇ ਉਪਲ ਜਾਗੀਰ ਦੀਆਂ ਸਾਰੀਆਂ ਸੰਗਤਾਂ ਅਤੇ ਪਿੰਡ ਵਾਸੀਆਂ ਵਿੱਚ ਗੁਰੂਦੁਆਰਾ ਨਾਨਕਸਰ ਠਾਠ ਵਿਚ ਤੈਨਾਤ ਗ੍ਰੰਥੀ ਅਤੇ ਸੇਵਾਦਾਰ ਦੇ ਖਿਲਾਫ ਰੋਸ਼ ਪਾਇਆ ਜਾ ਰਿਹਾ ਹੈ । ਦਰਅਸਲ ਲੋਕਾਂ ਦਾ ਆਰੋਪ ਹੈ ਕਿ ਸੇਵਾਦਾਰ ਤੇ ਗ੍ਰੰਥੀ ਨੇ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗਾਇਬ ਕਰ ਦਿਤੇ ਹਨ। ਇਸ ਮਾਮਲੇ ਦੇ ਵਿੱਚ ਉਹਨਾਂ ਨੇ ਥਾਣਾ ਨੂਰਮਹਿਲ ਦੀ ਪੁਲਿਸ ਨੂੰ ਲਿਖਿਤ ਸ਼ਿਕਾਇਤ ਦਿੱਤੀ ਹੈ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿੱਚ ਲਿਖਿਆ ਹੈ ਕਿ ਮਨਜੀਤ ਸਿੰਘ ਪੁੱਤਰ ਜਗਤ ਸਿੰਘ ਨਿਵਾਸੀ ਪਿੰਡ ਮੀਰਾਪੁਰ ਜ਼ਿਲ੍ਾ ਜਲੰਧਰ, ਅਤੇ ਗੁਰਚਰਨ ਸਿੰਘ ਪੁੱਤਰ ਆਸਰਾ ਸਿੰਘ ਨਿਵਾਸੀ ਪਿੰਡ ਬਰੂੰਦੀ ਠਾਠ ਜਿਲਾ ਲੁਧਿਆਣਾ , ਇਹ ਦੋਵੇਂ ਆਨੰਦ ਈਸ਼ਵਰ ਠਾਠ ਗੁਰਦੁਆਰਾ ਸਾਹਿਬ, ਨਕੋਦਰ ਰੋਡ, ਉਪਲ ਜਗੀਰ ਅਤੇ ਉਪਲ ਖਾਲਸਾ ਵਿੱਚ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਸੇਵਾ ਲਈ ਨਿਯੁਕਤ ਕੀਤੇ ਗਏ ਸਨ।
ਇਹ ਦੋਵੇਂ ਆਪਸ ਦੇ ਵਿੱਚ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਨੂੰ ਚੋਰੀ ਕਰਕੇ ਕਿਤੇ ਲੈ ਗਏ ਅਤੇ ਮੰਜੀ ਨੂੰ ਰੁਮਾਲੇ ਸਾਹਿਬ ਨਾਲ ਢੱਕ ਦਿੱਤਾ। ਤਿੰਨ ਚਾਰ ਦਿਨ ਸੰਗਤਾਂ ਬਿਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਤੋਂ ਹੀ ਜਾਂਦੀਆਂ ਰਹੀਆਂ। ਅਤੇ ਸੰਗਤਾਂ ਬਿਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਉਸ ਮੰਜੀ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮੰਨਦੇ ਰਹੇ। ਪਰ ਜਦੋਂ ਤਿੰਨ ਚਾਰ ਦਿਨਾਂ ਦੇ ਬਾਅਦ ਦੇਖਿਆ ਗਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਗਾਇਬ ਸਨ। ਜਿਸ ਕਾਰਨ ਸਾਰੀ ਸੰਗਤ ਨੂੰ ਬਹੁਤ ਦੁੱਖ ਪਹੁੰਚਿਆ। ਸ਼ਿਕਾਇਤ ਵਿੱਚ ਲਿਖਿਆ ਗਿਆ ਹੈ ਕਿ ਦੋਨਾਂ ਨੇ ਆਪਸ ਦੇ ਵਿੱਚ ਮਿਲ ਕੇ ਸਵੇਰੇ ਸਵੇਰੇ ਮੂੰਹ ਹਨੇਰੇ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਨੂੰ ਗਾਇਬ ਕੀਤਾ ਹੈ। ਹੁਣ ਇਹ ਸੇਵਾਦਾਰ ਸੰਗਤ ਦੁਆਰਾ ਰੱਖੇ ਗਏ ਸਮਾਨ ਨੂੰ ਗੁਰਦੁਆਰੇ ਦੇ ਵਿੱਚੋਂ ਚੁੱਕਣ ਆਏ ਸਨ। ਜਿਸ ਤੋਂ ਬਾਅਦ ਉਹਨਾਂ ਨੂੰ ਪਿੰਡ ਵਾਲਿਆਂ ਦਾ ਸਿੱਧਾ ਸਾਹਮਣਾ ਕਰਨਾ ਪਿਆ।
ਪਿੰਡ ਵਾਸੀਆਂ ਨੇ ਕਿਹਾ ਕਿ ਇਹ ਦੋਵੇਂ ਸਾਰੇ ਪਿੰਡ ਦੀ ਸੰਗਤ ਦੇ ਨਾਲ ਖਿਲਵਾੜ ਕਰ ਰਹੇ ਹਨ। ਅਤੇ ਉਹਨਾਂ ਨੂੰ ਧੋਖਾ ਦੇ ਰਹੇ ਹਨ। ਇਸ ਤੋਂ ਬਾਅਦ ਸਾਰੇ ਪਿੰਡ ਨੇ ਇਹ ਲਿਖਤ ਦੇ ਵਿੱਚ ਸ਼ਿਕਾਇਤ ਦਿੱਤੀ ਹੈ ਕਿ ਇਹਨਾਂ ਦੋਵਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਹਨਾਂ ਦੋਨਾਂ ਦੇ ਕਬਜ਼ੇ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਛੁਡਵਾਇਆ ਜਾਵੇ ਅਤੇ ਵਾਪਿਸ ਗੁਰਦੁਆਰੇ ਦੇ ਵਿੱਚ ਸਥਾਪਿਤ ਕੀਤਾ ਜਾਵੇ।
ਇਸ ਮੌਕੇ ਥਾਲਾਂ ਨੂਰਮਹਿਲ ਦੀ ਪੁਲਿਸ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਤੇ ਦੋਵਾਂ ਪਿੰਡਾਂ ਦੀ ਸੰਗਤ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੌਰਾਨ ਪੁਲਿਸ ਨੇ ਦੋਨਾਂ ਆਰੋਪੀਆਂ ਨੂੰ ਗੱਡੀ ਟਾਟਾ 709 ਨੰਬਰ PB 10 HX 3897 ਵਿੱਚ ਗੁਰਦੁਆਰੇ ਦਾ ਸਮਾਨ ਲੱਦਦੇ ਹੋਏ ਫੜਿਆ ਹੈ। ਨੂਰ ਮਹਿਲ ਦੀ ਪੁਲਿਸ ਨੇ ਦੋਨਾਂ ਦੇ ਖਿਲਾਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।