ਫਰੀਦਕੋਟ-(ਮਨਦੀਪ ਕੌਰ )- 15 ਅਗਸਤ 2025 ਨੂੰ 79 ਅਜ਼ਾਦੀ ਦਿਵਸ ਉੱਤੇ ਪੰਜਾਬ ਸਰਕਾਰ ਨੇ ਫਰੀਦਕੋਟ ਵਿੱਚ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਨਹਿਰੂ ਸਟੇਡੀਅਮ ਵਿੱਚ ਕੌਮੀ ਝੰਡਾ ਲਹਿਰਾਇਆ, ਪਰੇਡ ਦਾ ਨਿਰੀਖਣ ਕੀਤਾ ਅਤੇ ਰਾਸ਼ਟਰ ਨੂੰ ਸੰਬੋਧਿਤ ਕੀਤਾ।
ਆਪਣੇ ਭਾਸ਼ਣ ਵਿੱਚ, ਸੀਐਮ ਮਾਨ ਨੇ ਕਿਹਾ, “ਦੇਸ਼ ਦੀ ਆਜ਼ਾਦੀ ਵਿੱਚ 80 ਪ੍ਰਤੀਸ਼ਤ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ। ਇੱਥੇ ਲਾਸ਼ਾਂ ਨਾਲ ਭਰੀਆਂ ਰੇਲਗੱਡੀਆਂ ਪਹੁੰਚੀਆਂ ਸਨ। ਇਹ ਆਜ਼ਾਦੀ ਸਾਨੂੰ ਬਹੁਤ ਮਹਿੰਗੀ ਪਈ। ਮੈਂ ਭਾਈਚਾਰਾ ਕਾਇਮ ਰੱਖਣ ਲਈ ਅੰਤਮ ਸਾਹ ਤੱਕ ਮਿਹਨਤ ਕਰਾਂਗਾ।”
ਸੀਐਮ ਨੇ ਨਸ਼ਿਆਂ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਲਈ ਨਵੀਂ ਰਿਵਾਰਡ ਪਾਲਿਸੀ ਦਾ ਐਲਾਨ ਕੀਤਾ:
1 ਕਿਲੋ ਹੈਰੋਇਨ ਫੜਨ ਦਾ ਇਨਾਮ: 1 ਕਿਲੋਗ੍ਰਾਮ ਹੈਰੋਇਨ ਪਕੜਨ ਵਾਲੇ ਪੁਲਿਸ ਮੁਲਾਜ਼ਮ ਨੂੰ 1.20 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
NDPS ਮਾਮਲਿਆਂ ਦੀ ਜਾਂਚ: ਹੁਣ NDPS ਮਾਮਲਿਆਂ ਦੀ ਜਾਂਚ ਹੈਡ ਕਾਂਸਟੇਬਲ ਨੂੰ ਸੌਂਪੀ ਜਾਵੇਗੀ, ਜੋ ਪਹਿਲਾਂ ASI ਦੇ ਅਧੀਨ ਸੀ।
ਨਵੀਂ ਭਰਤੀ ਅਤੇ ਪ੍ਰਮੋਸ਼ਨ: ਪੁਲਿਸ ਵਿਭਾਗ ਵਿੱਚ 1,600 ਨਵੇਂ ਮੁਲਾਜ਼ਮ ਭਰਤੀ ਕੀਤੇ ਜਾਣਗੇ, ਜਿਨ੍ਹਾਂ ਵਿੱਚ 150 ਇੰਸਪੈਕਟਰ, 450 ਸਬ-ਇੰਸਪੈਕਟਰ ਅਤੇ 1,000 ਕਾਂਸਟੇਬਲ ਸ਼ਾਮਲ ਹਨ। ਪਹਿਲਾਂ ਮੌਜੂਦਾ ਮੁਲਾਜ਼ਮਾਂ ਨੂੰ ਪ੍ਰਮੋਸ਼ਨ ਦਿੱਤਾ ਜਾਵੇਗਾ।
ਸੀਐਮ ਨੇ ਦੱਸਿਆ ਕਿ 3,068 ਸਕੂਲਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਸਿਲੇਬਸ ਸ਼ੁਰੂ ਕੀਤਾ ਗਿਆ ਹੈ। ਇਸ ਦੇ ਤਹਿਤ 8 ਲੱਖ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ “ਅਸੀਂ ਨਸ਼ੇ ਵਿੱਚ ਫਸੇ ਲੋਕਾਂ ਨੂੰ ਸੁਧਾਰਨਾ ਚਾਹੁੰਦੇ ਹਾਂ ਅਤੇ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਹਾਂ” ।