ਬਿਹਾਰ ਦੇ ਗਯਾਜੀ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਪਿਛਲੇ ਵੀਰਵਾਰ ਨੂੰ ਹੋਮ ਗਾਰਡ ਭਰਤੀ ਦੌੜ ਦੌਰਾਨ ਇੱਕ ਔਰਤ ਬੇਹੋਸ਼ ਹੋ ਗਈ ਸੀ। ਇਸ ਤੋਂ ਬਾਅਦ, ਉਸਨੂੰ ਹਸਪਤਾਲ ਲਿਜਾਂਦੇ ਸਮੇਂ ਐਂਬੂਲੈਂਸ ਡਰਾਈਵਰ ਤੇ ਟੈਕਨੀਸ਼ੀਅਨ ਨੇ ਮਿਲ ਕੇ ਬਲਾਤਕਾਰ ਕੀਤਾ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਹੰਗਾਮਾ ਹੋ ਗਿਆ। ਪੁਲਿਸ ਨੇ ਐਂਬੂਲੈਂਸ ਡਰਾਈਵਰ ਅਤੇ ਟੈਕਨੀਸ਼ੀਅਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਲੜਕੀ ਬੀਐਮਪੀ-3 ਵਿੱਚ ਹੋਮ ਗਾਰਡ ਭਰਤੀ ਲਈ ਰਨਿੰਗ ਟੈਸਟ ਦੇਣ ਲਈ ਗਯਾਜੀ ਆਈ ਸੀ। ਇਸ ਦੌਰਾਨ ਉਸਦੀ ਸਿਹਤ ਵਿਗੜ ਗਈ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ। ਉਸ ਦੌਰਾਨ ਦੋ ਨੌਜਵਾਨਾਂ ਨੇ ਐਂਬੂਲੈਂਸ ਵਿੱਚ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਜਦੋਂ ਲੜਕੀ ਹਸਪਤਾਲ ਪਹੁੰਚਣ ਤੋਂ ਬਾਅਦ ਹੋਸ਼ ਵਿੱਚ ਆਈ ਤਾਂ ਉਸਨੇ ਹਸਪਤਾਲ ਦੇ ਡਾਕਟਰਾਂ ਨੂੰ ਬਲਾਤਕਾਰ ਬਾਰੇ ਦੱਸਿਆ।
ਲੜਕੀ ਨੇ ਦੱਸਿਆ ਕਿ ਐਂਬੂਲੈਂਸ ਡਰਾਈਵਰ ਅਤੇ ਟੈਕਨੀਸ਼ੀਅਨ ਨੇ ਰਸਤੇ ਵਿੱਚ ਉਸ ਨਾਲ ਬਲਾਤਕਾਰ ਕੀਤਾ। ਡਾਕਟਰਾਂ ਦੀ ਜਾਣਕਾਰੀ ‘ਤੇ ਇੱਕ ਮੈਡੀਕਲ ਟੀਮ ਬਣਾਈ ਗਈ ਤੇ ਲੜਕੀ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ। 26 ਸਾਲਾ ਪੀੜਤਾ ਇਮਾਮਗੰਜ ਥਾਣਾ ਖੇਤਰ ਦੀ ਰਹਿਣ ਵਾਲੀ ਹੈ। ਉਸਨੇ ਪੁਲਿਸ ਨੂੰ ਦੱਸਿਆ – ਐਂਬੂਲੈਂਸ ਵਿੱਚ 3 ਤੋਂ 4 ਲੋਕ ਸਨ, ਉਨ੍ਹਾਂ ਨੇ ਮੇਰੇ ਨਾਲ ਬੇਹੋਸ਼ੀ ਦੀ ਹਾਲਤ ਵਿੱਚ ਸਮੂਹਿਕ ਬਲਾਤਕਾਰ ਕੀਤਾ।