ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਬੱਸ ਸਟੈਂਡ ਨੇੜੇ ਸ਼ਾਮ ਨਗਰ ਇਲਾਕੇ ਵਿਚ ਗੋਲ਼ੀ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰੋਹਿਤ ਕੁਮਾਰ ਉਮਰ 24 ਸਾਲ ਵਜੋਂ ਹੋਈ ਹੈ, ਜੋ ਸ਼ਾਮ ਨਗਰ ਦਾ ਰਹਿਣ ਵਾਲਾ ਹੈ। ਇਸ ਨੌਜਵਾਨ ਨੂੰ ਐਕਟਿਵਾ ਸਵਾਰ ਦੋ ਨੌਜਵਾਨ ਸਿਵਲ ਹਸਪਤਾਲ ਲੈ ਕੇ ਆਏ ਸਨ ਜੋ ਆਪਣੇ ਆਪ ਨੂੰ ਮ੍ਰਿਤਕ ਦੇ ਦੋਸਤ ਦੱਸ ਰਹੇ ਸਨ। ਫਿਲਹਾਲ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਰੋਹਿਤ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖ ਦਿੱਤੀ ਹੈ।
ਸੂਤਰਾਂ ਅਨੁਸਾਰ ਇਹ ਮਾਮਲਾ ਗੈਂਗਵਾਰ ਅਤੇ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋ ਸਕਦਾ ਹੈ। ਮ੍ਰਿਤਕ ਰੋਹਿਤ ਅਕਸਰ ਇਲਾਕੇ ਵਿਚ ਘੁੰਮਦਾ ਰਹਿੰਦਾ ਸੀ। ਉਸ ਦੀ ਕਿਸੇ ਨਾਲ ਰੰਜਿਸ਼ ਸੀ ਜਾਂ ਨਹੀਂ, ਇਹ ਪੁਲਸ ਜਾਂਚ ਵਿਚ ਸਾਹਮਣੇ ਆਵੇਗਾ। ਰੋਹਿਤ ਦਾ ਦੋਸਤ ਹੋਣ ਦਾ ਦਾਅਵਾ ਕਰਨ ਵਾਲੇ ਰੋਹਨ ਨੇ ਦੱਸਿਆ ਕਿ ਉਹ ਸ਼ਾਮ ਨਗਰ ਇਲਾਕੇ ਵਿਚ ਰਹਿੰਦਾ ਹੈ। ਬੀਤੀ ਰਾਤ ਉਹ ਇਲਾਕੇ ਵਿਚੋਂ ਲੰਘ ਰਿਹਾ ਸੀ। ਉਸ ਨੇ ਰੋਹਿਤ ਨੂੰ ਸੜਕ ‘ਤੇ ਖੂਨ ਨਾਲ ਲੱਥਪੱਥ ਹਾਲਤ ਵਿਚ ਬੇਹੋਸ਼ ਪਿਆ ਦੇਖਿਆ। ਆਪਣੇ ਇਕ ਦੋਸਤ ਦੀ ਮਦਦ ਨਾਲ ਉਹ ਰੋਹਿਤ ਨੂੰ ਸਿਵਲ ਹਸਪਤਾਲ ਲੈ ਗਿਆ। ਉਸ ਨੇ ਦੱਸਿਆ ਕਿ ਕਿਸੇ ਨੇ ਰੋਹਿਤ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ ਸੀ। ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਰੋਹਿਤ ਨੂੰ ਮ੍ਰਿਤਕ ਐਲਾਨ ਦਿੱਤਾ। ਰੋਹਨ ਦਾ ਕਹਿਣਾ ਹੈ ਕਿ ਰੋਹਿਤ ਰਸਤੇ ਵਿਚ ਬੇਹੋਸ਼ ਸੀ। ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਨੂੰ ਕਿਸਨੇ ਗੋਲੀ ਮਾਰੀ।
ਪੁਲਸ ਸਟੇਸ਼ਨ ਇੰਚਾਰਜ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਰੋਹਿਤ ਦੀ ਮੌਤ ਗੋਲ਼ੀ ਲੱਗਣ ਕਾਰਨ ਹੋਈ ਹੈ। ਪੁਲਸ ਮੌਕੇ ਤੋਂ ਲੈ ਕੇ ਆਲੇ-ਦੁਆਲੇ ਦੇ ਇਲਾਕੇ ਤੱਕ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ। ਰੋਹਿਤ ਨੂੰ ਹਸਪਤਾਲ ਲਿਜਾਣ ਵਾਲੇ ਵੀ ਸ਼ੱਕ ਦੇ ਘੇਰੇ ਵਿੱਚ ਹਨ ਤੇ ਉਨ੍ਹਾਂ ਦੇ ਮੋਬਾਈਲ ਬੰਦ ਹਨ। ਫਿਲਹਾਲ ਪੁਲਸ ਨੇ ਮ੍ਰਿਤਕ ਰੋਹਿਤ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰ ਦੇ ਬਿਆਨ ਲੈਣ ਤੋਂ ਬਾਅਦ ਪੁਲਸ ਮਾਮਲਾ ਦਰਜ ਕਰਨ ਜਾ ਰਹੀ ਹੈ।

