ਲੁਧਿਆਣਾ -(ਮਨਦੀਪ ਕੌਰ )- DRI ਦੀ ਲੁਧਿਆਣਾ ਜ਼ੋਨਲ ਯੂਨਿਟ ਨੇ ਲੁਧਿਆਣਾ ਦੇ ਪਿੰਡ ਸਾਹਨੇਵਾਲ ਵਿੱਚ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ । ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜਸ ਦੀ ਟੀਮ ਨੇ ਇਸ ਕਾਰਵਾਈ ਦੇ ਵਿੱਚ 103 ਕਿਲੋ ਗਾਂਜਾ ਬਰਾਮਦ ਕੀਤਾ ਹੈ। ਇਹ ਕਾਰਵਾਈ ਇੱਕ ਖੁਫੀਆ ਸੂਚਨਾ ਦੇ ਆਧਾਰ ਉੱਤੇ ਕੀਤੀ ਗਈ ਹੈ। ਜਿਸ ਵਿੱਚ ਦੱਸਿਆ ਗਿਆ ਕਿ ਇੱਕ ਕਾਰ ਚੋ ਕੇ ਐਨਡੀਪੀਐਸ ਐਕਟ ਦੀ ਉਲੰਘਣਾ ਕਰਦੇ ਹੋਏ ਗੱਡੀ ਦੇ ਵਿੱਚ ਨਸ਼ੀਲਾ ਪਦਾਰਥ ਲੈ ਕੇ ਜਾ ਰਹੇ ਹਨ।
ਸੂਚਨਾ ਮਿਲਣ ਤੋਂ ਬਾਅਦ ਡੀਆਰਆਈ ਦੀ ਟੀਮ ਨੇ ਆਪਣਾ ਪਹਿਰਾ ਵਧਾਇਆ ਅਤੇ ਸ਼ੱਕੀ ਕਾਰਾਂ ਨੂੰ ਆਈ ਸੀ ਡੀ ,ਜੀ ਆਰ ਐਫ ਐਲ ਸਾਨੇਵਾਲ ਕੋਲ ਰੋਕ ਲਿਆ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਰ ਦੀ ਡੁੰਘਾਈ ਨਾਲ ਤਲਾਸ਼ੀ ਲਈ ਗਈ ਤਲਾਸ਼ੀ ਦੇ ਦੌਰਾਨ ਗਾਂਜੇ ਦੇ 74 ਪੈਕਟ ਮਿਲੇ। ਜਿਨਾਂ ਵਿੱਚੋਂ ਹਰੇਕ ਨੂੰ ਖਾਖੀ ਰੰਗ ਦੀ ਪਲਾਸਟਿਕ ਟੇਪ ਦੇ ਨਾਲ ਕਵਰ ਕੀਤਾ ਹੋਇਆ ਸੀ। ਇਹ ਪੈਕਟ ਕਾਰ ਵਿੱਚ ਬਣਾਏ ਗਏ ਸਪੈਸ਼ਲ ਖਾਨਿਆਂ ਦੇ ਵਿੱਚ ਲਕੋਏ ਹੋਏ ਸਨ। ਤਸਕਰਾਂ ਨੇ ਗੱਡੀ ਨੂੰ ਪੂਰੀ ਤਰ੍ਹਾਂ ਮੋਡੀਫਾਈ ਕਰਵਾਇਆ ਹੋਇਆ ਸੀ ਉਹਨਾਂ ਨੇ ਅੱਗੇ ਅਤੇ ਪਿੱਛੇ ਕਾਰ ਦੇ ਵਿੱਚ ਨਕਲੀ ਫਰਸ਼ ਬਣਾ ਕੇ ਗੁਪਤ ਜਗਹਾ ਤਿਆਰ ਕੀਤੀ ਹੋਈ ਸੀ। ਜੋ ਦੇਖਣ ਦੇ ਵਿੱਚ ਅਸਲੀ ਕਾਰ ਦੇ ਢਾਂਚੇ ਦਾ ਹੀ ਹਿੱਸਾ ਲੱਗ ਰਹੇ ਸਨ।
ਅਧਿਕਾਰੀਆਂ ਅਨੁਸਾਰ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਦਾ ਕੁੱਲ ਵਜਨ 103 ਕਿਲੋ ਹੈ ਜਿਸ ਦੀ ਕਾਲੇ ਬਾਜ਼ਾਰ ਵਿੱਚ ਕੀਮਤ ਲਗਭਗ 31 ਲੱਖ ਰੁਪਏ ਹੈ ਡਰੱਗ ਤਸਕਰੀ ਵਿੱਚ ਵਰਤੀ ਗਈ ਕਾਰ ਨੂੰ ਜਪਤ ਕਰ ਲਿਆ ਗਿਆ ਹੈ ਕਾਰ ਵਿੱਚ ਸਫਰ ਕਰ ਰਹੇ ਦੋ ਵਿਅਕਤੀਆਂ ਨੂੰ ਵੀ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਡੀ ਆਰ ਆਈ ਅਧਿਕਾਰੀਆਂ ਨੇ ਦੱਸਿਆ ਕਿ ਇਹ ਏਜੰਸੀ ਭਾਰਤ ਦੀ ਪ੍ਰਮੁੱਖ ਐਂਟੀ ਸਮਗਲਿੰਗ ਸੰਸਥਾ ਹੈ ਜੋ ਵਿੱਤ ਮੰਤਰਾਲੇ ਦੇ ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ ਦੇ ਅਧੀਨ ਕੰਮ ਕਰਦੀ ਹੈ। ਡੀ ਆਰ ਆਈ ਦਾ ਮੁੱਖ ਕੰਮ ਡਰੱਗ ਤਸਕਰੀ, ਜੰਗਲੀ ਜੀਵਨ ਦੀ ਗੈਰ ਕਾਨੂੰਨੀ ਤਸਕਰੀ ,ਵਾਤਾਵਰਨ ਨਾਲ ਸੰਬੰਧਿਤ ਸੰਵੇਦਨਸ਼ੀਲ ਵਸਤੂਆਂ ਦੀ ਤਸਕਰੀ ਅਤੇ ਅੰਤਰਰਾਸ਼ਟਰੀ ਵਪਾਰ ਨਾਲ ਜੁੜੇ ਧੋਖਾ ਧੜੀ ਦੇ ਮਾਮਲਿਆਂ ਨੂੰ ਰੋਕਣਾ ਹੈ।

